ਮੂਲ ਸ਼ਬਦ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਅਰਥ:- ਅਕਾਲ ਪੁਰਖ ਇੱਕ ਹੈ ਜੋ ਸਰਬਵਿਆਪਕ ਹੈ, ਜਿਸ ਦਾ ਨਾਮ ਸੱਚਾ ਹੈ, ਜੋ ਸੰਸਾਰ ਦਾ ਕਰਤਾ ਹੈ, ਭੈ ਤੇ ਵੈਰ ਤੋਂ ਰਹਿਤ ਹੈ, ਜੋ ਸਦੀਵੀ ਹੈ, ਜੋ ਜਨਮ ਮਰਨ ਵਿਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਹੈ ਅਤੇ ਜੋ ਗੁਰੂ ਦੀ ਕਿਰਪਾ ਨਾਲ ਸਮਝ ਆਉਂਦਾ ਹੈ।
ਪਹਿਲਾ ਸਲੋਕ
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
ਅਰਥ:- ਅਕਾਲ ਪੁਰਖ ਮੁੱਢ ਤੋਂ ਹੈ, ਜੁੱਗਾਂ ਦੇ ਵੀ ਮੁੱਢ ਤੋਂ ਹੈ।
ਨਾਨਕ! ਹੁਣ ਵੀ ਮੌਜੂਦ ਹੈ ਤੇ ਅਗਾਂਹ ਵੀ ਹੋਵੇਗਾ।
ਪਹਿਲੀ ਪਓੜੀ
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
ਅਰਥ:- ਲੱਖ ਵਾਰੀ ਸਰੀਰ ਨੂੰ ਸੁੱਚਾ ਕਰਨ ਜਾਂ ਇਸ਼ਨਾਨ ਕਰਨ ਨਾਲ ਸੁੱਚੇ ਨਹੀਂ ਹੋਇਆ ਜਾ ਸਕਦਾ।
ਲਗਾਤਾਰ ਚੁੱਪ ਸਮਾਧੀ ਲਾਈ ਰੱਖਣ ਨਾਲ ਸ਼ਾਂਤ ਨਹੀਂ ਹੋਇਆ ਜਾ ਸਕਦਾ।
ਸਾਰੇ ਪਦਾਰਥਾਂ ਦੇ ਢੇਰ ਇਕੱਠੇ ਕਰ ਲੈਣ ਨਾਲ ਵੀ ਭੁੱਖ ਦੂਰ ਨਹੀਂ ਹੋ ਸਕਦੀ।
ਹਜ਼ਾਰਾਂ ਤੋਂ ਲੱਖਾਂ ਸਿਆਣਪਾਂ ਹੋ ਜਾਣ ਤੇ ਵੀ ਕੋਈ ਸਿਆਣਪ ਤੋੜ ਨਹੀਂ ਨਿਭਦੀ।
ਤਾਂ ਫਿਰ ਸਚਿਆਰੇ ਮਨੁੱਖ ਕਿਵੇਂ ਬਣ ਸਕਦੇ ਹਾਂ ਤੇ ਕੂੜ ਦੀ ਕੰਧ ਕਿਵੇਂ ਟੁੱਟ ਸਕਦੀ ਹੈ?
ਨਾਨਕ! ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨ ਨਾਲ।
ਇਹ ਤਰੀਕਾ ਮੁੱਢ ਤੋਂ ਹੀ ਨਾਲ ਲਿਖਿਆ ਚੱਲਿਆ ਆ ਰਿਹਾ ਹੈ।
ਵਿਸਥਾਰ:-
ਪਹਿਲੀ ਪਾਤਸ਼ਾਹੀ ਦੀ ਵਿਗਿਆਨਕ ਲਹਿਜੇ ਵਿੱਚ ਉਚਾਰੀ ਬਾਣੀ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ ਜਦ ਤਕ ਇਸ ਸੰਸਾਰ ਬਾਰੇ ਵਿਗਿਆਨ ਦੀਆਂ ਧਾਰਨਾਵਾਂ ਪਿਛੋਕੜ ਵਿੱਚ ਨਾ ਰੱਖੀਆਂ ਜਾਣ। ਵਿਗਿਆਨ ਦੀਆਂ ਦੋ ਮੁੱਢਲੀਆਂ ਧਾਰਨਾਵਾਂ ਵਿੱਚੋਂ ਇੱਕ ਇਸ ਸੰਸਾਰ ਦੇ ਮੁੱਢ ਬਾਰੇ ਹੈ ਤੇ ਦੂਜੀ ਮਨੁੱਖ ਦੀ ਪੈਦਾਇਸ਼ ਬਾਰੇ। ਵਿਗਿਆਨੀਆਂ ਅਨੁਸਾਰ ਹੁਣ ਵਾਲਾ ਦਿਸਦਾ ਸੰਸਾਰ ਪੌਣੇ ਚੌਦਾਂ ਕੁ ਅਰਬ ਸਾਲ ਪਹਿਲਾਂ ਇਕ ਬਹੁਤ ਵੱਡੇ ਧਮਾਕੇ(Big Bang) ਤੋਂ ਬਾਅਦ ਹੋਂਦ ਵਿਚ ਆਇਆ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਵੱਡੇ ਧਮਾਕੇ ਤੋਂ ਬਾਅਦ ਅਨੇਕਾਂ ਕਣ-ਬੱਦਲਾਂ(Particle Clouds) ਦਾ ਖ਼ਲਾਅ ਵਿੱਚ ਜ਼ਬਰਦਸਤ ਫੈਲਾਅ ਹੋਇਆ ਤੇ ਉਸ ਤੋਂ ਹੌਲੀ ਹੌਲੀ ਗਲੈਕਸੀਆਂ, ਤਾਰੇ, ਗ੍ਰਹਿ, ਉਪਗ੍ਰਹਿ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਕਣ ਤੇ ਕਿਰਨਾਂ(Radiation) ਪੈਦਾ ਹੋਈਆਂ। ਹੌਲੀ ਹੌਲੀ 'ਸੂਰਜ' ਨਾਮ ਦੇ ਤਾਰੇ ਦੇ ਇੱਕ 'ਧਰਤੀ' ਨਾਮ ਦੇ ਗ੍ਰਹਿ ਦੁਆਲੇ ਹਵਾਈ ਵਾਤਾਵਰਣ ਆ ਜਾਣ ਨਾਲ ਤੇ ਧਰਤੀ ਉਤੇ ਪਾਣੀ ਦੀ ਹੋਂਦ ਹੋ ਜਾਣ ਨਾਲ ਪਹਿਲਾਂ ਇਕ ਸੈੱਲੇ ਅਣਦਿਸਦੇ ਜੀਵ ਹੋਂਦ ਵਿੱਚ ਆਏ ਤੇ ਫਿਰ ਹੌਲੀ ਹੌਲੀ ਕਰੋੜਾਂ ਸਾਲਾਂ ਵਿੱਚ ਵਿਕਾਸ ਕਰਦੇ ਕਰਦੇ ਅਣਗਿਣਤ ਸੈੱਲਾਂ ਵਾਲੇ ਮਨੁੱਖ ਦੀ ਹੋਂਦ ਤਕ ਪਹੁੰਚ ਗਏ।
ਵੱਡੇ ਧਮਾਕੇ ਤੋਂ ਪਹਿਲਾਂ ਕੀ ਸੀ? ਕੀ ਵੱਡੇ ਧਮਾਕੇ ਵਿਚ ਹੋਰ ਵੀ ਸੰਸਾਰਾਂ ਦੀ ਸਿਰਜਣਾ ਹੋਈ? ਜੇ ਹੋਰ ਸੰਸਾਰ ਵੀ ਬਣੇ ਤਾਂ ਉਹ ਕਿਹੋ ਜਿਹੇ ਹਨ? ਇਹਨਾਂ ਸਾਰੇ ਸੰਸਾਰਾਂ ਵਿਚ ਕੁਦਰਤ ਦੇ ਇੱਕੋ ਜਿਹੇ ਅਸੂਲ ਚੱਲ ਰਹੇ ਹਨ ਜਾਂ ਵੱਖ ਵੱਖ? ਆਖ਼ਿਰ ਵਿੱਚ ਇਸ ਸੰਸਾਰ ਦਾ ਕੀ ਬਣੇਗਾ? ਭਾਵੇਂ ਅਜੇ ਵਿਗਿਆਨੀਆਂ ਨੇ ਇਨ੍ਹਾਂ ਸਵਾਲਾਂ ਬਾਰੇ ਸੋਚਣਾ ਹੀ ਸ਼ੁਰੂ ਕੀਤਾ ਹੈ ਪਰ ਹੁਣ ਉਹ ਇਸ ਇਕ-ਸੰਸਾਰੀ(Universe) ਸਿਰਜਣਾ ਦੇ ਨਾਲ ਨਾਲ ਬਹੁ-ਸੰਸਾਰੀ(Multiverse) ਸਿਰਜਣਾ ਦੀ ਕਲਪਣਾ ਵੀ ਕਰਨ ਲੱਗ ਪਏ ਹਨ। ਪਰ ਮਨੁੱਖੀ ਸਰੀਰ ਤੇ ਸੋਚ ਦੀਆਂ ਵੀ ਹੱਦਾਂ ਹਨ ਜਿਹੜੀਆਂ ਉਸ ਨੂੰ ਸਿਰਜਣਹਾਰ ਦੀ ਕੁਦਰਤ ਨੇ ਹੀ ਦਿੱਤੀਆਂ ਹਨ ਜਿਹਨਾਂ ਵਿੱਚ ਮਨੁੱਖ ਜੰਮ ਤੇ ਮਰ ਰਿਹਾ ਹੈ। ਮਨੁੱਖ ਇਨ੍ਹਾਂ ਹੱਦਾਂ ਤੋਂ ਪਾਰ ਨਹੀਂ ਜਾ ਸਕਦਾ।
ਹੁਣ ਤੱਕ ਦੇ ਗਿਆਨ ਤਕ ਪਹੁੰਚਣ ਲਈ ਵਿਗਿਆਨੀਆਂ ਨੇ ਅਨੇਕਾਂ ਤਜਰਬੇ ਜਾਂ ਪਰਖਾਂ ਕੀਤੀਆਂ ਹਨ। ਵਿਗਿਆਨੀਆਂ ਤੇ ਵਿਸ਼ਵਾਸ ਕਰਨ ਲਈ ਇਕ ਆਮ ਮਨੁੱਖ ਲਈ ਇੰਨਾ ਕੁ ਹੀ ਮਨ ਵਿਚ ਵਸਾਉਣਾ ਕਾਫ਼ੀ ਹੈ ਕਿ ਇਨ੍ਹਾਂ ਖੋਜੇ ਹੋਏ ਕਣਾਂ ਤੇ ਕਿਰਨਾਂ ਦੀ ਹੀ ਮਿਹਰਬਾਨੀ ਹੈ ਕਿ ਅੱਜ ਦਾ ਮਨੁੱਖ ਵਿਗਿਆਨੀਆਂ ਦੁਆਰਾ ਬਣਾਏ ਰੇਡੀਓ, ਟੈਲੀਵੀਜ਼ਨ, ਗੱਡੀਆਂ, ਜਹਾਜ਼, ਸੌਫ਼ਟਵੇਅਰ ਤੇ ਹੋਰ ਬਿਜਲਈ ਸਾਧਨਾਂ ਦਾ ਆਨੰਦ ਲੈ ਰਿਹਾ ਹੈ। ਬਹੁਤ ਸਾਰੇ ਮਨੁੱਖਾਂ ਦੁਆਰਾ ਕੀਤੀ ਬੇਹੱਦ ਮਿਹਨਤ(ਕਿਰਤ) ਨਾਲ ਏਨਾ ਗਿਆਨ ਮਨੁੱਖਤਾ ਨੂੰ ਹਾਸਲ ਹੋਇਆ ਹੈ। ਇਸ ਕਰਕੇ ਵਿਗਿਆਨੀਆਂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ ਹੈ ਤੇ ਹੋਰ ਖੋਜ ਕਰਨ ਵਿੱਚ ਰੁਚੀ ਲੈਣੀ ਚਾਹੀਦੀ ਹੈ। ਗੁਰਬਾਣੀ ਦੇ ਸ਼ਬਦ ਹਨ, "ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।।" (ਗਗਸ-੩) ਅਤੇ "ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨਾ ਗਗਨਾ ਹੁਕਮੁ ਅਪਾਰਾ।।" (ਗਗਸ-੧੦੩੫)। ਜਿਹਨਾਂ ਨੇ ਵਿਗਿਆਨ ਨਹੀਂ ਪੜ੍ਹਿਆ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਗਿਆਨਕ ਸੋਚ ਵਾਲੇ ਸ਼ਬਦਾਂ ਨੂੰ ਬਾਰੀਕੀ ਨਾਲ ਪੜ੍ਹਨਾ ਚਾਹੀਦਾ ਹੈ ਤੇ ਇਨ੍ਹਾਂ ਦੇ ਅਰਥ ਸਮਝਣੇ ਚਾਹੀਦੇ ਹਨ।
ਅੱਜ ਕੱਲ੍ਹ ਕੁੱਝ ਸਿੱਖ ਵਿਦਵਾਨ ਤੇ ਪ੍ਰਚਾਰਕ ਪਹਿਲੀ ਪਾਤਸ਼ਾਹੀ ਦੀ ਮੁੱਢਲੀ ਸਿੱਖਿਆ ਤੇ ਕਾਇਮ ਨਾ ਰਹਿ ਕੇ 'ਰੱਬ', ਉਸ ਦੀ 'ਕੁਦਰਤ' ਅਤੇ 'ਗੁਰੂ' ਆਦਿ ਲਫ਼ਜ਼ਾਂ ਦੇ ਅਰਥਾਂ ਵਿੱਚ ਗੁਆਚ ਜਾਂਦੇ ਹਨ ਤੇ ਆਪਣੇ ਜੋਸ਼ ਜਾਂ ਹੰਕਾਰ ਵਿੱਚ ਇਕ ਦੂਜੇ ਨੂੰ ਹੀ ਲਾਹਨਤਾਂ ਪਾਈ ਜਾ ਰਹੇ ਹਨ। ਇਹ ਮੁੱਦੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੇ ਅਧੀਨ ਵਿਚਾਰਨ ਦੀ ਲੋੜ ਹੈ।
ਗੁਰਬਾਣੀ ਦੇ ਸ਼ਬਦਾਂ ਅਤੇ ਵਿਗਿਆਨ ਦੀਆਂ ਖੋਜਾਂ ਤੋਂ ਮੋਟੇ ਤੌਰ ਤੇ ਇਹ ਸਮਝ ਬਣਦੀ ਹੈ ਕਿ ਵੱਡੇ ਧਮਾਕੇ ਤੋਂ ਪਹਿਲਾਂ ਧੁੰਦੂਕਾਰਾ ਸੀ ਅਤੇ ਇਸ ਧਮਾਕੇ ਤੋਂ ਬਾਅਦ ਇਸ ਸੰਸਾਰ ਦੀ ਸਿਰਜਣਾ ਹੋਈ ਹੈ ਤੇ ਅਣਗਿਣਤ ਜੀਵਨ-ਪ੍ਰਵਾਹ(ਦਰੀਆਉ) ਚੱਲੇ ਹਨ ਜਿਸ ਨੂੰ ਅਸੀਂ 'ਕੁਦਰਤ’ ਦਾ ਨਾਂ ਵੀ ਦੇਂਦੇ ਹਾਂ। "ਤਿਸ ਤੇ ਹੋਏ ਲਖ ਦਰੀਆਉ ॥" (ਗਗਸ-੩)। ਵੱਡੇ ਧਮਾਕੇ ਤੋਂ ਬਾਅਦ ਕੁਦਰਤ ਆਪਣੇ ਨੇਮਾਂ(ਨਿਯਮਾਂ) ਦੇ ਅਧੀਨ ਲਗਾਤਾਰ ਚੱਲ ਰਹੀ ਹੈ ਤੇ ਫੈਲ ਰਹੀ ਹੈ। ਮਿਸਾਲ ਦੇ ਤੌਰ ਤੇ ਇਹ ਕੁਦਰਤ ਦੇ ਹੀ ਨਿਯਮ ਹਨ ਜਿਹਨਾਂ ਦੇ ਅਧੀਨ ਛੋਟੇ ਛੋਟੇ ਪਰਮਾਣੂਆਂ(ਐਟਮਾਂ) ਜਾਂ ਸੈੱਲਾਂ ਤੋਂ ਲੈ ਕੇ ਵੱਡੀਆਂ ਵੱਡੀਆਂ ਗਲੈਕਸੀਆਂ ਤੱਕ ਦੀ ਹਰਕਤ ਇੱਕ ਜ਼ਬਤ ਵਿੱਚ ਚੱਲਦੀ ਹੈ। ਇਹ ਸਭ ਮੁੱਢਲੇ ਤੌਰ ਤੇ ਗੁਰੂਤਾ(Gravity) ਦੀ ਖਿੱਚ ਤੇ ਬਿਜਲਈ ਖਿੱਚ ਦੀਆਂ ਕੁਝ ਸ਼ਕਤੀਆਂ ਦੇ ਸੰਤੁਲਨ ਦੀ ਵਜ੍ਹਾ ਨਾਲ ਜ਼ਬਤ ਵਿੱਚ ਚੱਲਦਾ ਰਹਿੰਦਾ ਹੈ। ਕੋਈ ਵੀ ਵਿਗਿਆਨ ਦਾ ਗੰਭੀਰ ਵਿਦਿਆਰਥੀ ਇਨ੍ਹਾਂ ਗੱਲਾਂ ਨੂੰ ਆਸਾਨੀ ਨਾਲ ਸਮਝ ਸਕਦਾ ਹੈ।
ਅਮਰੀਕੀ ਵਿਗਿਆਨਕ ਪੁਲਾੜ ਏਜੈਂਸੀ ਨਾਸਾ(NASA) ਦੇ ਮੁਤਾਬਕ ਦਿਸਦਾ ਮਾਦਾ(Matter) ਕੇਵਲ ੪.੬% ਹੀ ਹੈ। ੨੪% ਅਣਦਿਸਦਾ ਮਾਦਾ(Dark Matter) ਹੈ ਜਿਸਦੀ ਕੋਈ ਜਾਣਕਾਰੀ ਨਹੀਂ ਹੈ। ਇਸਤੋਂ ਇਲਾਵਾ ੭੧.੪% ਉਹ ਅਣਦਿਸਦੀ ਊਰਜਾ(Dark Energy) ਹੈ ਜਿਸਦੀ ਵੀ ਕੋਈ ਜਾਣਕਾਰੀ ਨਹੀਂ ਹੈ। ਇਸ ਅਣਦਿਸਦੇ ਮਾਦੇ ਤੇ ਅਣਦਿਸਦੀ ਊਰਜਾ(ਕੁਲ ੯੫.੬%) ਨੂੰ ਸਿੱਧੇ ਤੌਰ ਤੇ ਕਿਸੇ ਨੇ ਨਹੀਂ ਜਾਣਿਆ। ਇਹ ਕੇਵਲ ਸ਼ਕਤੀਆਂ ਦੇ ਉੱਪਰ ਦੱਸੇ ਸੰਤੁਲਨ ਦੀ ਜਮ੍ਹਾਂ ਘਟਾਓ ਕਰਦਿਆਂ ਜੋ ਨਤੀਜੇ ਸਾਹਮਣੇ ਆਉਂਦੇ ਹਨ ਉਨ੍ਹਾਂ ਚੋਂ ਨਿਕਲੀਆਂ ਧਾਰਨਾਵਾਂ ਹਨ। ਅਜੇ ਤਾਂ ਦਿੱਸਣਯੋਗ ੪.੬% ਸੰਸਾਰ ਦੇ ਸ਼ਾਇਦ ਕਰੋੜ ਕਰੋੜਵੇਂ ਹਿੱਸੇ ਦੀ ਵੀ ਪੂਰੀ ਜਾਣਕਾਰੀ ਮਨੁੱਖਤਾ ਨੂੰ ਨਹੀਂ ਹੈ। ਅੱਗੇ ਤੋਂ ਅੱਗੇ ਕੀ ਹੈ? ਮਨੁੱਖ ਆਪਣੀਆਂ ਕੁਦਰਤੀ ਹੱਦਾਂ ਕਰਕੇ ਇਸ ਬਾਰੇ ਕਦੇ ਵੀ ਪੂਰਨ ਰੂਪ ਵਿੱਚ ਨਹੀਂ ਜਾਣ ਸਕੇਗਾ। ਗੁਰਬਾਣੀ ਇਹ ਗੱਲ ਕਈ ਵਾਰ ਕਹਿੰਦੀ ਹੈ। ਇਸਦਾ ਇੱਕ ਅਰਥ ਇਹ ਹੈ ਕਿ ਮਨੁੱਖ ਨੂੰ ਕੁਦਰਤ ਦੇ ਸਾਹਮਣੇ ਆਪਣੀ ਸ਼ਕਤੀ ਤੇ ਜਾਣਕਾਰੀ ਉੱਪਰ ਹੰਕਾਰ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।
ਫਿਰ ਵੀ ਜਿਹੜੇ ਲੋਕ ਗ਼ੈਰ ਕੁਦਰਤੀ(ਗ਼ੈਰ ਵਿਗਿਆਨਕ) ਕਰਾਮਾਤਾਂ ਵਿਚ ਯਕੀਨ ਰੱਖਦੇ ਹਨ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਨ੍ਹਾਂ ਸ਼ਕਤੀਆਂ ਤੇ ਕਣਾਂ ਦੇ ਸੰਤੁਲਨ ਵਿਚ ਇਕ ਛੋਟੀ ਜਿਹੀ ਨਾ-ਮਾਪਣਯੋਗ ਤਬਦੀਲੀ ਵੀ ਸਭ ਕੁਝ ਨੂੰ ਖ਼ਤਮ ਕਰ ਸਕਦੀ ਹੈ ਪਰ ਇਸ ਤਰ੍ਹਾਂ ਦੀ ਤਬਦੀਲੀ ਮਨੁੱਖ ਨੇ ਕਦੇ ਨਹੀਂ ਦੇਖੀ, ਨਾ ਕਦੇ ਹੋਈ ਦਾ ਕੋਈ ਸਬੂਤ ਹੈ। ਫਿਰ ਉਹ ਕਿਹੜੇ ਗ਼ੈਰ ਕੁਦਰਤੀ ਚਮਤਕਾਰਾਂ ਜਾਂ ਕਰਾਮਾਤਾਂ ਦੀ ਆਸ ਲਾਈ ਰੱਖਦੇ ਹਨ ਤੇ ਉਹਨਾਂ ਪੁਰਾਣੀਆਂ ਬਾਤਾਂ ਵਿੱਚੋਂ ਆਪਣੀ ਤਸੱਲੀ ਭਾਲਦੇ ਰਹਿੰਦੇ ਹਨ ਜਿਨ੍ਹਾਂ ਦਾ ਹੁਣ ਕੋਈ ਸਬੂਤ ਵੀ ਨਹੀਂ ਲੱਭਿਆ ਜਾ ਸਕਦਾ? ਇਸੇ ਕਰਕੇ ਗ਼ੈਰ ਕੁਦਰਤੀ ਚਮਤਕਾਰਾਂ ਦੀ ਕੋਈ ਥਾਂ ਨਹੀਂ ਹੋ ਸਕਦੀ। ਜੇ ਕੋਈ ਚਮਤਕਾਰ ਹੈ ਤਾਂ ਉਹ ਸਿਰਫ ਇਸ ਸੰਸਾਰ ਦਾ ਹੋਣਾ ਅਤੇ ਇਸ ਦਾ ਇੱਕ ਜ਼ਬਤ ਵਿੱਚ ਚੱਲਣਾ ਹੈ। ਰੱਬ ਦੀ ਹੋਂਦ ਨੂੰ ਮੰਨਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ। ਜੇ ਤੁਸੀਂ ਇਸ ਨੂੰ ਚਮਤਕਾਰ ਨਹੀਂ ਮੰਨਦੇ ਤਾਂ ਤੁਸੀਂ ਨਾਸਤਕ ਅਖਵਾ ਸਕਦੇ ਹੋ ਜਾਂ ਫਿਰ ਅੰਧਵਿਸ਼ਵਾਸ ਦੇ ਅਥਾਹ ਸਮੁੰਦਰ ਵਿੱਚ ਸਾਰੀ ਜ਼ਿੰਦਗੀ ਗੋਤੇ ਲਾ ਸਕਦੇ ਹੋ।
ਪਰ ਫਿਰ ਵੀ ਕੁਝ ਪੜ੍ਹੇ ਲਿਖੇ ਤੇ ਵਿਦਵਾਨ ਅਖਵਾਉਂਦੇ ਸਿੱਖ ਵਿਗਿਆਨ ਤੇ ਸਿੱਖੀ ਦਾ ਆਪੋ ਵਿੱਚ ਮੁਕਾਬਲਾ ਕਰਨ ਲੱਗ ਪੈਂਦੇ ਹਨ ਤੇ ਕੁਝ ਤਾਂ ਐਟਮ ਬੰਬਾਂ ਵਗ਼ੈਰਾ ਦਾ ਨਾਂ ਲੈ ਕੇ ਵਿਗਿਆਨ ਨੂੰ ਕੋਸਣ ਵੀ ਲੱਗ ਪੈਂਦੇ ਹਨ। ਤਬਾਹੀ ਦੇ ਹਥਿਆਰ ਵਿਗਿਆਨੀ ਬਣਾਉਂਦੇ ਹਨ ਵਿਗਿਆਨ ਨਹੀਂ, ਜਿਸ ਤਰ੍ਹਾਂ ਕੋਈ ਵੀ ਆਵਾਜਾਈ ਦਾ ਹਾਦਸਾ ਚਾਲਕ ਕਰਦਾ ਹੈ ਨਾ ਕਿ ਉਸ ਦੀ ਮੋਟਰਕਾਰ। ਦੂਜੇ ਧਰਮਾਂ ਦਾ ਹੋ ਸਕਦਾ ਹੈ, ਪਰ ਸਿੱਖ ਧਰਮ ਦਾ ਵਿਗਿਆਨ ਨਾਲ ਕੋਈ ਵੀ ਟਕਰਾਅ ਜਾਂ ਮੁਕਾਬਲਾ ਨਹੀਂ ਹੈ। ਇਹ ਧਰਮ ਮਨੁੱਖ ਨੂੰ ਇੱਕ ਸਚਿਆਰੀ ਜ਼ਿੰਦਗੀ ਜਿਊਣ ਦਾ ਹੁਨਰ ਦੱਸਦਾ ਹੈ। ਇਸਦੇ ਲਈ ਗਿਆਨ ਬਹੁਤ ਜ਼ਰੂਰੀ ਹੈ। ਸ਼ਾਇਦ ਇਸੇ ਕਰਕੇ ਗੁਰੂਆਂ ਨੇ ਗਿਆਨ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਸ਼ਬਦ 'ਗਿਆਨ' ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ ਹੈ। ਵਿਗਿਆਨ ਵੀ ਆਖਰ 'ਪਰਖਿਆ ਹੋਇਆ ਗਿਆਨ'(ਜਾਂ ਵਿਸ਼ੇਸ਼ ਗਿਆਨ) ਹੀ ਤਾਂ ਹੈ ਜੋ ਮਨੁੱਖਤਾ ਦੇ ਭਲੇ ਲਈ ਕੰਮ ਆ ਸਕਦਾ ਹੈ। ਸੋ ਵਿਗਿਆਨ ਗਿਆਨ ਦਾ ਹੀ ਇੱਕ ਪਰਖਿਆ ਹੋਇਆ ਹਿੱਸਾ ਹੈ ਤੇ ਸਚਿਆਰੀ ਜ਼ਿੰਦਗੀ ਜਿਊਣ ਲਈ ਕੰਮ ਆ ਸਕਦਾ ਹੈ। ਵਿਗਿਆਨ ਕਿਸੇ ਵੀ ਤਰ੍ਹਾਂ ਕਿਸੇ ਐਸੇ ਧਰਮ ਦੇ ਬਰਾਬਰ ਨਹੀਂ ਖਲੋ ਸਕਦਾ ਜਿਹੜਾ ਗਿਆਨ ਨੂੰ ਵੀ ਇੱਕ ਸੰਦ ਬਣਾ ਕੇ ਸਚਿਆਰੀ ਜ਼ਿੰਦਗੀ ਜਿਊਣ ਦਾ ਹੁਨਰ ਦੱਸਦਾ ਹੋਵੇ। ਜੇ ਗੁਰੂ ਸਾਹਿਬ ਨੇ ਗਿਆਨ ਨੂੰ ਇੰਨਾ ਵਡਿਆਇਆ ਹੈ ਤਾਂ ਉਸ ਵਿੱਚ ਗਿਆਨ ਦੇ ਹੀ ਇੱਕ ਹਿੱਸੇ ਵਿਗਿਆਨ ਦਾ ਵਿਰੋਧ ਕਿਸ ਤਰਾਂ ਹੋ ਸਕਦਾ ਹੈ?
ਮਨੁੱਖ ਕਿੰਨਾ ਵੀ ਗੁਣੀ ਪੈਦਾ ਹੋਵੇ, ਗਿਆਨ ਹਾਸਲ ਕਰਨ ਦਾ ਸਭ ਤੋਂ ਕਾਰਗਰ ਤਰੀਕਾ ਪੜ੍ਹਾਈ ਹੀ ਹੈ। ਹੁਣ ਤੱਕ ਮਨੁੱਖ ਨੇ ਜਿੰਨਾ ਗਿਆਨ ਹਾਸਲ ਕੀਤਾ ਹੈ ਉਸ ਬਾਰੇ ਪੜ੍ਹ ਕੇ ਹੀ ਪਤਾ ਲੱਗ ਸਕਦਾ ਹੈ ਤਾਂ ਕਿ ਮਨੁੱਖ ਵੱਲੋਂ ਉਸ ਤੋਂ ਅਗਲੀ ਪੌੜੀ ਤੇ ਚੜ੍ਹਿਆ ਜਾਵੇ, ਨਹੀਂ ਤਾਂ ਚੜ੍ਹੀਆਂ ਹੋਈਆਂ ਪੌੜੀਆਂ ਤੇ ਵਾਰ ਵਾਰ ਚੜ੍ਹਨਾ ਮੂਰਖਤਾ ਹੀ ਹੋਵੇਗੀ। ਅੱਜ ਦੀ ਸਿੱਖੀ ਦਾ ਜਿੰਨਾ ਨੁਕਸਾਨ ਅਨਪੜ੍ਹਤਾ ਕਾਰਨ ਫੈਲੇ ਅਗਿਆਨ ਨੇ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਕਾਰਨ ਕਰਕੇ ਹੋਇਆ ਹੋਵੇ। ਫਿਰ ਵੀ ਪਾਠੀ ਤਬਕਾ ਅਨਪੜ੍ਹਤਾ ਨੂੰ ਉਤਸ਼ਾਹਤ ਕਰਨ ਵਿੱਚ ਆਪਣਾ ਹਿਤ ਸਮਝਦਾ ਹੈ। ਪਰ ਇਹ ਦਿਸ ਹੀ ਰਿਹਾ ਹੈ ਕਿ ਜਿਹੜਾ ਸਿੱਖ ਪੜ੍ਹਨ ਲਿਖਣ ਵਿੱਚ ਰੁਚੀ ਨਹੀਂ ਰੱਖਦਾ ਉਹ ਹੌਲੀ ਹੌਲੀ ਸਿੱਖੀ ਦੇ ਮੁਢਲੇ ਅਸੂਲਾਂ ਤੋਂ ਅਣਜਾਣ ਹੁੰਦਾ ਜਾਂਦਾ ਹੈ।
ਮੂਲ ਸ਼ਬਦ ਨੂੰ ਮੂਲ ਮੰਤਰ ਕਿਉਂ ਕਿਹਾ ਜਾਂਦਾ ਹੈ, ਪਤਾ ਨਹੀਂ, ਪਰ ਇਹ ਕਹਿਣਾ ਠੀਕ ਨਹੀਂ ਜਾਪਦਾ ਕਿਉਂਕਿ ਸਿੱਖੀ ਵਿੱਚ ਮੰਤਰਾਂ ਦੀ ਕੋਈ ਥਾਂ ਨਹੀਂ। ਇਸ ਵਿੱਚ ਪਹਿਲੇ ਗੁਰੂ ਸਾਹਿਬ ਨੇ ਇੱਕ ਅਕਾਲ ਪੁਰਖ ਦੇ ਪਰਿਭਾਸ਼ਕ ਗੁਣ ਬਿਆਨੇ ਹਨ। ਇਨ੍ਹਾਂ ਵਿੱਚ ਵੀ ਸਭ ਤੋਂ ਪਹਿਲਾ ਗੁਣ ਇਹ ਦੱਸਿਆ ਹੈ ਕਿ ਉਹ ਇੱਕ ਹੀ ਹੈ ਤੇ ਸਰਬਵਿਆਪਕ ਹੈ। ਪਰ ਜੇ ਉਹ ਇੱਕ ਹੀ ਹੈ ਜਿਸ ਨੇ ਸਾਰਾ ਕੁੱਝ ਪੈਦਾ ਕੀਤਾ ਹੈ, ਤਾਂ ਅਸੀਂ ਸਾਰੇ ਉਸ ਦੀ ਹੀ ਪੈਦਾਇਸ਼ ਹੋਏ। ਫਿਰ ਸਾਡੇ ਵਿੱਚੋਂ ਕੋਈ ਵੀ ਜਨਮ ਕਰਕੇ ਵੱਡਾ ਛੋਟਾ ਕਿਵੇਂ ਹੋ ਸਕਦਾ ਹੈ। ਇਸ ਵਿਚੋਂ ਮਨੁੱਖੀ ਨਸਲ ਦੇ ਸਾਰੇ ਜੀਵਾਂ ਦੀ ਬਰਾਬਰੀ ਦਾ ਅਸੂਲ ਦਿਸਦਾ ਹੈ। ਇਸ ਤਰ੍ਹਾਂ ਮਨੁੱਖੀ ਬਰਾਬਰੀ ਦਾ ਅਸੂਲ ਪੂਰੀ ਤਰ੍ਹਾਂ ਕੁਦਰਤੀ ਹੈ ਤੇ ਇਸ ਤੋਂ ਵੱਖਰਾ ਕੋਈ ਵੀ ਅਸੂਲ ਇੱਕ ਮਨੁੱਖ ਦੁਆਰਾ ਦੂਜੇ ਮਨੁੱਖਾਂ ਤੇ ਥੋਪਿਆ ਹੋਇਆ ਅਸੂਲ ਹੈ ਜਿਵੇਂ ਜਾਤ, ਨਸਲ, ਰੰਗ, ਧਰਮ, ਸਰੀਰਕ ਬਣਤਰ, ਕੱਦ-ਕਾਠ ਆਦਿ। ਜੇ ਰੱਬ ਸਰਬਵਿਆਪਕ ਹੈ ਤਾਂ ਹਰ ਜੀਵ ਵਿੱਚ ਉਹੀ ਮੌਜੂਦ ਹੈ। ਤਾਂ ਕੁਦਰਤੀ ਹੈ ਕਿ ਮਨੁੱਖੀ ਨਸਲ ਇੱਕ ਭਾਈਚਾਰਾ ਹੈ ਤੇ ਇਸਨੂੰ ਇੱਕ ਭਾਈਚਾਰੇ ਵਾਂਗ ਰਹਿਣ ਦਾ ਕੁਦਰਤੀ ਹੁਕਮ ਹੈ। ਇਸ ਅਸੂਲ ਲਈ ਕਿਸੇ ਵੀ ਬਨਾਵਟੀ ਮਨੁੱਖੀ ਸਿਧਾਂਤ ਦੀ ਜ਼ਰੂਰਤ ਨਹੀਂ ਹੈ।
ਜੇ ਸਿਰਫ਼ ਉਹ ਹੀ ਸੱਚਾ(ਭਾਵ, ਹੋਂਦ ਵਾਲਾ) ਹੈ ਤੇ ਬਾਕੀ ਸਭ ਕੁਝ ਅਸਥਾਈ ਹੈ ਤਾਂ ਮਨੁੱਖ ਵੀ ਅਸਥਾਈ ਹੀ ਹੈ ਤੇ ਸਾਰੇ ਮਨੁੱਖੀ ਵਿਕਾਰ ਜਾਂ ਆਨੰਦ(ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ) ਵੀ ਅਸਥਾਈ ਹਨ। ਇਸ ਕਰਕੇ ਮਨੁੱਖੀ ਵਿਕਾਰਾਂ ਦੇ ਘਾਟੇ ਵਾਧੇ ਨਾਲ ਸਬੰਧਤ ਤਪੱਸਿਆਵਾਂ, ਜੋਗ, ਅਭਿਆਸ, ਸਮਾਧੀ ਵਗ਼ੈਰਾ ਨਾਲ ਕੋਈ ਵੀ ਸਥਾਈ ਪਰਾਪਤੀ ਨਹੀਂ ਹੋ ਸਕਦੀ। ਜਿੱਥੇ ਇਹ ਗੱਲ ਸਾਨੂੰ ਇਹਨਾਂ ਵਿਕਾਰਾਂ ਵਿੱਚ ਅੱਤ ਦੀ ਹੱਦ ਤਕ ਗ਼ਰਕ ਹੋ ਜਾਣ ਤੋਂ ਰੋਕਦੀ ਹੈ ਉੱਥੇ ਇਸਦਾ ਮਤਲਬ ਇਹਨਾਂ ਵਿਕਾਰਾਂ ਤੋਂ ਦੂਰ ਭੱਜਣਾ ਜਾਂ ਇਹਨਾਂ ਨੂੰ ਖ਼ਤਮ ਕਰਨਾ ਵੀ ਨਹੀਂ ਹੋ ਸਕਦਾ ਕਿਉਂਕਿ ਮਨੁੱਖ ਦੀਆਂ ਕੁਦਰਤੀ ਹੱਦਾਂ ਹੋਣ ਕਰਕੇ ਇਹ ਅਸੰਭਵ ਹੈ। ਆਮ ਲੋਕਾਂ ਨੂੰ ਮੂਰਖ ਬਨਾਉਣ ਤੇ ਲੁੱਟਣ ਲਈ ਇਹ ਪਾਖੰਡ ਜੋਗੀਆਂ, ਸਾਧਾਂ ਤੇ ਪੁਜਾਰੀਆਂ ਨੂੰ ਰਾਸ ਆਉਂਦਾ ਹੈ। ਇਸੇ ਲਈ ਗੁਰੂਆਂ ਨੇ ਇਹੋ ਜਿਹੇ ਘਰਬਾਰ ਛੱਡਣ ਤੇ ਪਾਖੰਡ ਕਰਨ ਵਾਲਿਆਂ ਨੂੰ ਗੁਰਬਾਣੀ ਵਿੱਚ ਬਾਰ ਬਾਰ ਸੱਚ ਸੁਣਾਇਆ ਹੈ। ਅਸਲ ਉਪਦੇਸ਼ ਵਿਕਾਰਾਂ ਨੂੰ ਕਾਬੂ ਵਿੱਚ ਰੱਖਣ ਦਾ ਹੈ।
ਅਕਾਲ ਪੁਰਖ ਦਾ ਡਰ ਤੇ ਵੈਰ ਤੋਂ ਰਹਿਤ ਹੋਣਾ ਇਹ ਦਰਸਾਉਂਦਾ ਹੈ ਕਿ ਉਸਦਾ ਵਰਤਾਰਾ ਸਭ ਲਈ ਬਰਾਬਰ ਹੈ। ਸੋ ਕੋਈ ਵੀ ਅਮੀਰ ਜਾਂ ਪੁਜਾਰੀ ਉਸ ਦੇ ਜ਼ਿਆਦਾ ਨਜ਼ਦੀਕ ਨਹੀਂ ਹੈ। ਇਸ ਲਈ ਸਭ ਵਿਚੋਲੇ ਬੇਕਾਰ ਹਨ। ਇਸ ਕਰਕੇ ਸਿੱਖਾਂ ਵਿਚ ਪੁਜਾਰੀ ਪੇਸ਼ੇ(ਪਾਠੀ, ਗ੍ਰੰਥੀ, ਅਖੰਡ ਪਾਠੀ, ਭਾਈ ਜੀ ਆਦਿ) ਦਾ ਪੈਦਾ ਹੋਣਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਦੂਰ ਜਾਣ ਦੀ ਇੱਕ ਬਹੁਤ ਹੀ ਘਟੀਆ ਅਲਾਮਤ ਹੈ। ਗੁਰੂ ਦਾ ਸ਼ਰਧਾ ਨਾਲ ਸਤਿਕਾਰ ਕਰਨਾ ਤੇ ਗੁਰੂ ਦੀ ਕਰਮਕਾਂਡੀ ਪੂਜਾ ਕਰਨਾ ਦੋ ਬਿਲਕੁਲ ਵੱਖ ਵੱਖ ਗੱਲਾਂ ਹਨ। ਗੁਰੂ ਦਾ ਸਤਿਕਾਰ ਕਰਨ ਨਾਲ ਆਪਣੇ ਆਪ ਵਿਚ ਗੁਰੂ ਵਰਗੇ ਗੁਣ ਪੈਦਾ ਕਰਨ ਦੀ ਇੱਛਾ ਪੈਦਾ ਹੁੰਦੀ ਹੈ ਪਰ ਉਸ ਦੀ ਪੂਜਾ ਕਰਨ ਨਾਲ ਗੁਰੂ ਤੋਂ ਕੁਝ ਹਾਸਲ ਹੋਣ ਦੀ ਬਜਾਏ ਉਸ ਤੋਂ ਦੂਰੀ ਵਧਦੀ ਹੈ। ਪਰ ਪਾਠੀ ਪੇਸ਼ੇ ਵਾਲਿਆਂ ਨੇ ਆਪਣੇ ਰੋਜ਼ਗਾਰ ਵਿੱਚ ਵਾਧਾ ਕਰਨ ਲਈ ਸਿੱਖਾਂ ਨੂੰ ਸਤਿਕਾਰ ਕਰਨ ਦੇ ਬਹਾਨੇ ਪੂਜਾ ਕਰਨ ਵਾਲੇ ਪਾਸੇ ਮੋੜ ਲਿਆ ਹੈ ਜਿਸ ਨਾਲ ਸਿੱਖਾਂ ਦੀ ਗੁਰੂ ਤੋਂ ਦੂਰੀ ਵਧੀ ਹੈ ਤੇ ਉਹਨਾਂ ਦੇ ਬ੍ਰਾਹਮਣਵਾਦ ਵਿਚ ਗ਼ਰਕ ਹੋਣ ਦਾ ਖ਼ਤਰਾ ਵਧੀ ਜਾਂਦਾ ਹੈ ਜੋ ਸਿਰਫ ਪੂਜਾ ਦੇ ਕਰਮਕਾਂਡ ਤੇ ਪਲਦਾ ਹੈ। ਅਕਾਲ ਪੁਰਖ ਦੇ ਕਾਲ-ਰਹਿਤ ਹੋਣ ਦਾ ਅਰਥ ਹੈ ਕਿ ਉਹ ਸਮੇਂ ਦੀਆਂ ਬੰਧਸ਼ਾਂ ਤੋਂ ਪਰ੍ਹੇ ਹੈ। ਉਸ ਦਾ ਜੂਨਾਂ ਵਿਚ ਨਾ ਆਉਣਾ ਤੇ ਆਪਣੇ ਆਪ ਤੋਂ ਹੋਇਆ ਦੱਸਣਾ ਇਹ ਦਰਸਾਉਂਦਾ ਹੈ ਕਿ ਸਿੱਖੀ ਵਿਚ ਅਵਤਾਰਵਾਦ ਦੀ ਕੋਈ ਥਾਂ ਨਹੀਂ। ਸਿੱਖ ਨਾ ਤਾਂ ਇਸਲਾਮ ਵਾਂਗ ਕਿਸੇ ਨੂੰ ਰੱਬ ਦਾ ਪੈਗੰਬਰ ਮੰਨਦੇ ਹਨ, ਨਾ ਇਸਾਈਆਂ ਵਾਂਗ ਕਿਸੇ ਨੂੰ ਰੱਬ ਦਾ ਪੁੱਤਰ ਮੰਨਦੇ ਹਨ ਤੇ ਨਾ ਹੀ ਹਿੰਦੂਆਂ ਵਾਂਗ ਰੱਬ ਦੇ ਅਵਤਾਰ ਮੰਨਦੇ ਹਨ।
ਇੱਥੇ ਇਹ ਪੁਛਿਆ ਜਾ ਸਕਦਾ ਹੈ ਕਿ ਸਿੱਖ ਫਿਰ ਗੁਰੂਆਂ ਨੂੰ ਕਿਹੜਾ ਸਥਾਨ ਦੇਂਦੇ ਹਨ। ਜੇ ਗੁਰੂ ਪੈਗੰਬਰ ਵੀ ਨਹੀਂ ਸਨ, ਅਵਤਾਰ ਵੀ ਨਹੀਂ ਸਨ ਤੇ ਰੱਬ ਦੇ ਪੁੱਤਰ ਵੀ ਨਹੀਂ ਸਨ ਤਾਂ ਫਿਰ ਕੀ ਸਨ? ਪਰ ਕੀ ਪਹਿਲਾਂ ਤੋਂ ਮੌਜੂਦ ਧਰਮਾਂ ਦੀ ਸ਼ਬਦਾਵਲੀ ਵਿੱਚ 'ਗੁਰੂ' ਨੂੰ ਪਰਿਭਾਸ਼ਤ ਕਰਨਾ ਸਾਡੇ ਲਈ ਜ਼ਰੂਰੀ ਹੈ? ਗੁਰੂ ਦਾ ਸਥਾਨ ਗੁਰੂ ਵੱਲੋਂ ਰੱਬ ਦੇ ਦਰਸਾਏ ਗੁਣਾਂ ਵਿੱਚੋਂ ਹੀ ਲੱਭਣਾ ਚਾਹੀਦਾ ਹੈ। ਸਪੱਸ਼ਟ ਹੈ ਕਿ ਜਿਸ ਤਰਾਂ ਦਾ 'ਰੱਬ' ਮੂਲ ਸ਼ਬਦ ਵਿੱਚ ਪਹਿਲੇ ਗੁਰੂ ਨੇ ਖ਼ੁਦ ਚਿਤਵਿਆ ਹੈ ਗੁਰੂ ਨੂੰ ਉਹ ਰੱਬ ਨਹੀਂ ਕਿਹਾ ਜਾ ਸਕਦਾ। ਪਰ ਜੇ ਰੱਬ ਸਰਬਵਿਆਪਕ ਹੈ ਤਾਂ ਉਹ ਗੁਰੂ ਵਿੱਚ ਵੀ ਤਾਂ ਮੌਜੂਦ ਹੀ ਹੈ। ਆਮ ਤੌਰ ਤੇ 'ਉਸਤਾਦ' ਜਾਂ 'ਗੁਰੂ' ਸ਼ਬਦ ਐਸੇ ਮਨੁੱਖ ਲਈ ਵਰਤਿਆ ਜਾਂਦਾ ਹੈ ਜੋ ਦੂਜਿਆਂ ਨੂੰ ਕਿਸੇ ਹੁਨਰ ਵਿੱਚ ਅਗਵਾਈ(Guidance ਅਤੇ Leadership) ਦੇ ਸਕਦਾ ਹੋਵੇ। ਅਸੀਂ ਆਪਣੇ ਗੁਰੂਆਂ ਨੂੰ ਉਸ ਰੂਪ ਵਿੱਚ ਚਿਤਵ ਸਕਦੇ ਹਾਂ ਜਿਸ ਵਿਚ ਉਹ ਸਾਨੂੰ ਇੱਕ ਸਚਿਆਰੀ ਜ਼ਿੰਦਗੀ ਜਿਊਣ ਦੇ ਹੁਨਰ ਲਈ ਹਰ ਹਾਲਤ ਵਿੱਚ ਅਗਵਾਈ ਦੇਣ ਦੇ ਸਮਰੱਥ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਣ ਪਿੱਛੇ ਇੱਕ ਕਾਰਨ ਸਿੱਖਾਂ ਨੂੰ ਸਰਬਕਾਲੀ ਅਗਵਾਈ ਦੇਣਾ ਵੀ ਹੈ। ਗੁਰੂ ਨੂੰ ਗੁਰੂ ਦਾ ਦਰਜਾ ਦੇਣ ਤੋਂ ਬਾਅਦ ਅਸੀਂ ਕਿਸੇ ਵੀ ਹਾਲਤ ਵਿਚ ਗੁਰੂ ਦੁਆਰਾ ਲਏ ਗਏ ਫ਼ੈਸਲਿਆਂ ਤੇ ਸਵਾਲ ਨਹੀਂ ਕਰ ਸਕਦੇ। ਇਹਨਾਂ ਅਰਥਾਂ ਵਿਚ ਸਿੱਖਾਂ ਦਾ ਗੁਰੂ ਆਮ ਮਨੁੱਖ ਨਹੀਂ ਹੈ। ਬਲਕਿ ਸਿਰਜਣਹਾਰ ਦੀ ਕੁਦਰਤ ਨੇ ਆਪਣੇ ਵਿਕਾਸ ਦੌਰਾਨ ਸਾਨੂੰ ਮਨੁੱਖੀ ਰੂਪ ਵਿੱਚ ਐਸਾ ਆਗੂ(Guide ਅਤੇ Leader) ਦਿੱਤਾ ਹੈ ਜੋ ਗੁਰੂ ਦੀ ਹੈਸੀਅਤ ਨੂੰ ਪਹੁੰਚ ਗਿਆ ਹੈ। ਇਹ ਬਹਿਸ ਬੇਕਾਰ ਹੈ ਕਿ ਉਹ ਮਨੁੱਖ ਹੈ ਜਾਂ ਰੱਬ। ਉਹ ਮਨੁੱਖ ਅਤੇ ਰੱਬ ਦੇ ਵਿਚਕਾਰ ਕਿਤੇ ਹੋ ਸਕਦਾ ਹੈ। ਗੁਰੂ ਦੀ ਹੈਸੀਅਤ ਨੂੰ ਰੂਹਾਨੀਅਤ, ਅਧਿਆਤਮ, ਆਤਮਕ, ਸਪਿਰਚੂਅਲ ਆਦਿ ਦੂਜੇ ਧਰਮਾਂ ਦੇ ਪੁਜਾਰੀਵਾਦੀ ਸ਼ਬਦਾਂ ਨਾਲ ਉਲਝਾਉਣਾ ਨਹੀਂ ਚਾਹੀਦਾ। ਉਹ ਗੁਰੂ ਹੈ। ਬੱਸ। ਉਹ ਹਰ ਮੈਦਾਨ ਵਿੱਚ, ਹਰ ਕਾਲ ਵਿਚ ਸਿੱਖਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ ਬਸ਼ਰਤੇ ਕਿ ਸਿੱਖ ਗੁਰੂ ਦੀ ਬਾਣੀ ਵਿੱਚੋਂ, ਚੱਲ ਰਹੇ ਸਮੇਂ ਤੇ ਸਥਾਨ ਲਈ, ਲੋੜੀਂਦਾ ਗਿਆਨ ਪੜ੍ਹ ਸਮਝ ਕੇ ਅਗਵਾਈ ਹਾਸਲ ਕਰ ਲੈਣ।
ਅੱਜਕੱਲ੍ਹ ਕੁਝ ਸਿੱਖ-ਦਿਸਦੇ ਲੋਕ ਬੋਲਚਾਲ ਦੇ ਮਾਹਰ ਹੋਣ ਕਰਕੇ ਗੁਰੂਆਂ ਦੇ ਪੁਰਾਣੇ ਫ਼ੈਸਲਿਆਂ ਨੂੰ ਅੱਜ ਦੀ ਸੋਚ ਜਾਂ ਹਾਲਾਤ ਮੁਤਾਬਕ ਪੜਤਾਲਣ ਦੀ ਹਮਾਕਤ ਕਰਦੇ ਹਨ। ਪਰ ਕੋਈ ਵੀ ਫ਼ੈਸਲਾ ਸਮੇਂ ਤੇ ਸਥਾਨ ਨੂੰ ਸਾਹਮਣੇ ਰੱਖ ਕੇ ਲਿਆ ਜਾਂਦਾ ਹੈ ਤੇ ਉਸ ਸਮੇਂ ਤੇ ਸਥਾਨ ਦੀ ਪੂਰੀ ਥਾਹ ਸਿਰਫ ਓਸ ਵੇਲੇ ਫ਼ੈਸਲਾ ਲੈਣ ਵਾਲੇ ਨੂੰ ਹੀ ਹੁੰਦੀ ਹੈ। ਬਾਅਦ ਵਿੱਚ ਪੜਤਾਲਣ ਵਾਲਾ ਬਹੁਤ ਗ਼ਲਤੀਆਂ ਖਾ ਸਕਦਾ ਹੈ। ਪਰ ਸਿੱਖ ਦਾ ਗੁਰੂ ਤਾਂ ਹਰ ਹਾਲਤ ਵਿੱਚ ਆਗੂ ਹੈ। ਫਿਰ ਉਹ ਗ਼ਲਤ ਫ਼ੈਸਲੇ ਕਿਵੇਂ ਲੈ ਸਕਦਾ ਹੈ? ਵੈਸੇ ਵੀ ਜੇ ਅਸੀਂ ਗੁਰੂ ਦੇ ਫ਼ੈਸਲਿਆਂ ਤੇ ਕਿੰਤੂ ਪ੍ਰੰਤੂ ਕਰਨਾ ਹੈ ਤਾਂ ਅਸੀਂ ਫਿਰ 'ਸਿੱਖ' ਕਿਸਦੇ ਹਾਂ? ਗੁਰੂ ਦੇ ਸਿੱਖ ਲਈ ਇਹ ਆਜ਼ਾਦੀ ਤਾਂ ਹੈ ਹੀ ਕਿ ਜੇ ਉਸ ਨੂੰ ਕੋਈ ਫ਼ੈਸਲਾ ਗੁਰੂ ਦਾ ਕੀਤਾ ਹੋਇਆ ਨਹੀਂ ਜਾਪਦਾ ਤਾਂ ਉਹ ਵਿਗਿਆਨਕ ਤਰੀਕੇ ਨਾਲ ਇਤਿਹਾਸਕ ਖੋਜ ਕਰਕੇ ਗੁਰੂ ਦੇ ਸਹੀ ਫ਼ੈਸਲੇ ਨੂੰ ਲੱਭੇ ਤੇ ਦੂਜਿਆਂ ਦੇ ਸਾਹਮਣੇ ਲਿਆਵੇ ਕਿਉਂਕਿ ਗੁਰੂ ਸਾਹਿਬ ਨੇ ਖ਼ੁਦ ਆਪਣੀ ਬਾਣੀ ਵਿਚ ਹਰ ਤਰ੍ਹਾਂ ਦੀਆਂ ਗ਼ੈਰ ਵਿਗਿਆਨਕ ਗੱਲਾਂ ਨੂੰ ਵਾਰ ਵਾਰ ਕੱਟਿਆ ਹੈ। ਪਰ 'ਗੁਰੂ' ਦੇ ਸਿੱਖ ਲਈ ਇਹ ਆਜ਼ਾਦੀ ਨਹੀਂ ਹੋ ਸਕਦੀ ਕਿ ਉਹ 'ਗੁਰੂ' ਦੇ ਫ਼ੈਸਲਿਆਂ ਦੀ ਪੜਤਾਲ ਕਰਕੇ ਉਹਨਾਂ ਵਿੱਚ ਗ਼ਲਤੀਆਂ ਲੱਭੇ।
ਇਹ ਸਮਝਣ ਦੀ ਲੋੜ ਹੈ ਕਿ ਗੁਰੂ ਨੇ ਵੀ 'ਰੱਬ' ਨੂੰ ਪੂਰੀ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ। ਉਸ ਦੇ ਸਿਰਫ਼ ਕੁਝ ਮੁੱਢਲੇ ਗੁਣ ਹੀ ਦੱਸੇ ਹਨ। ਇਸ ਲਈ ਜਦੋਂ ਅਸੀਂ ਰੱਬ ਬਾਰੇ ਬਹੁਤ ਕੁਝ ਜਾਣਨ ਦਾ ਦਾਅਵਾ ਕਰਦੇ ਹਾਂ ਤਾਂ ਆਪਣੇ ਹੰਕਾਰ ਨੂੰ ਹੀ ਪੱਠੇ ਪਾ ਰਹੇ ਹੁੰਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਗੁਰੂ ਨੇ ਵੀ ਕਿਹਾ ਹੈ ਕਿ ਰੱਬ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਿਆ ਜਾ ਸਕਦਾ ਜਿਵੇਂ, ਤੇਰਾ ਅੰਤੁ ਨਾ ਜਾਈ ਲਖਿਆ।।' (ਗਗਸ-੪੬੯)। ਇਸ ਤਰ੍ਹਾਂ ਹੋਰ ਵੀ ਕਈ ਸ਼ਬਦ ਗੁਰਬਾਣੀ ਵਿਚ ਇਸੇ ਭਾਵ ਦੇ ਹਨ। ਇਸ ਲਈ ਰੱਬ ਬਾਰੇ ਬਹਿਸ ਕਰਨ ਨਾਲੋਂ ਚੰਗਾ ਹੈ ਕਿ ਜਿੰਨੀ ਕੁ ਸਮਝ ਆਉਂਦੀ ਹੈ ਉਨਾ ਕੁ ਸਮਝ ਕੇ ਅੱਗੇ ਵਧਿਆ ਜਾਵੇ। ਰੱਬ ਬਾਰੇ ਬਹਿਸ ਕਰਦਿਆਂ ਇੱਕ ਦੂਜੇ ਦੀ ਜਾਣਕਾਰੀ ਨੂੰ ਘਟੀਆ ਦੱਸ ਕੇ ਲਾਹਨਤਾਂ ਪਾਉਣੀਆਂ ਗੁਰੂਆਂ ਦੀ ਇਸ ਸਿੱਖਿਆ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੈ ਕਿ ਉਸ ਬਾਰੇ ਪੂਰਾ ਨਹੀਂ ਜਾਣਿਆ ਜਾ ਸਕਦਾ। ਇਹੋ ਜਿਹੇ ਸੱਜਣਾਂ ਨੂੰ ਚਾਹੀਦਾ ਹੈ ਕਿ ਵਿਗਿਆਨ ਦੀ ਪੜ੍ਹਾਈ ਕਰਕੇ ਚੰਗੇ ਵਿਗਿਆਨੀ ਬਣਨ ਤੇ ਫਿਰ ਖੋਜਾਂ ਕਰਕੇ ਦੁਨੀਆਂ ਨੂੰ ਦੱਸਣ ਕਿ ਰੱਬ ਬਾਰੇ ਹੋਰ ਕੀ ਪਤਾ ਲੱਗਾ ਹੈ? ਜੇ ਰੱਬ ਦੀ ਮਿਹਰ ਇਹੋ ਜਿਹੇ ਸੱਜਣਾਂ ਤੇ ਹੋਈ ਤਾਂ ਹੋ ਸਕਦਾ ਹੈ ਇਹਨਾਂ ਨੂੰ ਰੱਬ ਕਿਤੇ 'ਅਣਦਿਸਦੇ’ ਮਾਦੇ, 'ਅਣਦਿਸਦੀ' ਊਰਜਾ ਜਾਂ ਬਿੱਗ ਬੈਂਗ ਤੋਂ ਪਹਿਲਾਂ ਦੀ ਬਣੀ ਕਿਸੇ 'ਧੁੰਦੂਕਾਰੀ' ਗੁਫ਼ਾ ਵਿਚ ਲੁਕਿਆ ਬੈਠਾ 'ਦਿਸ' ਜਾਵੇ !
ਕੁਝ ਸੱਜਣ ਮੂਲ ਸ਼ਬਦ ਦੇ ਆਖਰੀ ਲਫ਼ਜ਼ 'ਗੁਰਪ੍ਰਸਾਦਿ' ਦੇ ਅਰਥ ਇਸ ਤਰ੍ਹਾਂ ਕਰਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਰੱਬ ਨੂੰ ਮਿਲਿਆ ਜਾ ਸਕਦਾ ਹੈ। ਇਹ ਠੀਕ ਨਹੀਂ ਲੱਗਦਾ। ਗੁਰੂ ਨੇ ਰੱਬ ਦੇ ਜਿਸ ਤਰ੍ਹਾਂ ਦੇ ਗੁਣ ਮੂਲ ਸ਼ਬਦ ਵਿਚ ਦੱਸੇ ਹਨ ਉਨ੍ਹਾਂ ਗੁਣਾਂ ਵਾਲੇ ਰੱਬ ਨੂੰ ਕੋਈ ਮਨੁੱਖ ਕਿਸ ਤਰ੍ਹਾਂ 'ਮਿਲ' ਸਕਦਾ ਹੈ? ਮਨੁੱਖ ਲਈ ਰੱਬ ਨੂੰ ਸਮਝ ਸਕਣਾ ਹੀ ਸਭ ਤੋਂ ਵੱਡਾ ਕੰਮ ਹੈ। ਪ੍ਰਭੂ-ਮਿਲਣ ਬਾਰੇ ਗੁਰਬਾਣੀ ਵਿੱਚ ਆਉਂਦੇ ਸ਼ਬਦਾਂ ਨੂੰ ਇਨ੍ਹਾਂ ਅਰਥਾਂ ਵਿਚ ਹੀ ਲੈਣਾ ਚਾਹੀਦਾ ਹੈ। ਸਿੱਖ ਲਈ ਅਕਾਲ ਪੁਰਖ ਨੂੰ ਸਮਝ ਕੇ ਉਸ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਹੀ ਸਿੱਖੀ ਹੈ। ਇਸ ਲਈ 'ਗੁਰਪ੍ਰਸਾਦਿ' ਸ਼ਬਦ ਦੇ ਅਰਥ ਇਸ ਤਰ੍ਹਾਂ ਕਰਨੇ ਚਾਹੀਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਨੂੰ ਸਮਝਿਆ ਜਾ ਸਕਦਾ ਹੈ, ਅਕਾਲ ਪੁਰਖ ਦੇ ਉਹਨਾਂ ਗੁਣਾਂ ਦੇ ਰਾਹੀਂ ਜਿਹੜੇ ਗੁਰੂ ਸਾਹਿਬ ਨੇ ਦੱਸੇ ਹਨ।
ਪਹਿਲੇ ਸਲੋਕ ਵਿੱਚ ਵੀ ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਕਾਲ-ਰਹਿਤ ਭਾਵ ਮੁੱਢ ਤੋਂ ਹੀ ਹੋਣਾ ਪੱਕਾ ਕੀਤਾ ਹੈ। ਸ਼ਬਦ 'ਆਦਿ ਜੁਗਾਦਿ' ਵਰਤਣ ਦਾ ਅਰਥ ਵੀ ਇਹੀ ਜਾਪਦਾ ਹੈ ਕਿ ਮਨੁੱਖ ਨੂੰ ਜਿਸ ਵੀ ਜੁੱਗ ਦਾ ਪਤਾ ਹੈ ਉਸ ਤੋਂ ਪਹਿਲਾਂ ਵੀ ਉਹੀ ਸੀ ਤੇ ਆਉਣ ਵਾਲੇ ਜੁੱਗਾਂ ਦੇ ਬੀਤਣ ਤੋਂ ਬਾਅਦ ਵੀ ਉਹੀ ਹੋਵੇਗਾ। ਵਿਗਿਆਨਕ ਸ਼ਬਦਾਵਲੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੱਡੇ ਧਮਾਕੇ ਤੋਂ ਪਹਿਲਾਂ ਵੀ ਉਹ ਹੀ ਸੀ ਅਤੇ ਜਦੋਂ ਫਿਰ ਕਦੀ ਪਿਚਕਾਅ ਜਾਂ ਹੋਰ ਧਮਾਕਾ ਹੋਇਆ ਤਾਂ ਉਸ ਵੇਲੇ ਤੇ ਉਸ ਤੋਂ ਬਾਅਦ ਵੀ ਉਹੀ ਹੋਵੇਗਾ।
ਮੂਲ ਸ਼ਬਦ ਤੇ ਪਹਿਲੇ ਸਲੋਕ ਵਿੱਚ ਅਕਾਲ ਪੁਰਖ ਦੇ ਗੁਣ ਦੱਸਣ ਤੋਂ ਬਾਅਦ ਗੁਰੂ ਸਾਹਿਬ ਨੇ ਮਨੁੱਖਤਾ ਲਈ ਤੇ ਖਾਸ ਕਰਕੇ ਸਿੱਖਾਂ ਲਈ ਮੁੱਢਲੀ ਜਾਂ ਪਹਿਲੀ ਸਿੱਖਿਆ ਪਹਿਲੀ ਪਉੜੀ ਵਿੱਚ ਹੀ ਦੇ ਦਿੱਤੀ ਹੈ।
ਪਹਿਲੀ ਪਉੜੀ ਵਿੱਚ ਗੁਰੂ ਸਾਹਿਬ ਨੇ ਉਸ ਵੇਲੇ ਚੱਲਦੀਆਂ ਵਿਧੀਆਂ ਤੇ ਵਹਿਮਾਂ ਭਰਮਾਂ(ਜਿਨ੍ਹਾਂ ਨਾਲ ਪੁਜਾਰੀ ਤਬਕਾ ਆਮ ਲੋਕਾਂ ਨੂੰ ਬੁੱਧੂ ਬਣਾਉਂਦਾ ਸੀ ਤੇ ਰੱਬ ਨੂੰ 'ਮਿਲਣ’ ਦਾ ਰਾਹ ਦੱਸਦਾ ਸੀ) ਦਾ ਜ਼ਿਕਰ ਕੀਤਾ ਹੈ ਤੇ ਦੱਸਿਆ ਹੈ ਕਿ ਵਾਰ ਵਾਰ ਤੀਰਥ ਇਸ਼ਨਾਨ, ਲੰਮੀਆਂ ਲੰਮੀਆਂ ਸਮਾਧੀਆਂ ਤੇ ਮੌਨ ਵਰਤ, ਤਰ੍ਹਾਂ ਤਰ੍ਹਾਂ ਦੇ ਵਰਤ ਤੇ ਸੁਆਦਲੇ ਖਾਣੇ ਤੇ ਵੱਧ ਤੋਂ ਵੱਧ ਚਤੁਰਾਈਆਂ, ਸਿਆਣਪਾਂ ਤੋੜ ਤੱਕ ਨਹੀਂ ਨਿਭਦੀਆਂ ਭਾਵ ਰੱਬ ਵੱਲ ਨਹੀਂ ਲਿਜਾਂਦੀਆਂ। ਰੱਬ ਇਸ ਕੂੜ ਦੀ ਕੰਧ ਤੋਂ ਬਹੁਤ ਅੱਗੇ ਹੈ ਤੇ ਉਸ ਬਾਰੇ ਜਾਨਣ ਲਈ ਉਸ ਦੀ ਸਾਜੀ ਕੁਦਰਤ ਨੂੰ ਸਮਝਣਾ ਤੇ ਉਸ ਦੇ ਅਸੂਲਾਂ ਨਾਲ ਮਿਲ ਕੇ ਚੱਲਣਾ ਜ਼ਰੂਰੀ ਹੈ। ਸੋ ਇਸ ਪਹਿਲੀ ਸਿੱਖਿਆ ਦਾ ਅਰਥ ਇਹ ਹੈ ਕਿ ਮਨੁੱਖ ਨੂੰ ਸਿਰਜਣਹਾਰ ਦੀ ਸਿਰਜੀ ਕੁਦਰਤ ਦੀ ਹੋਂਦ ਤੇ ਵਿਸ਼ਵਾਸ ਰੱਖ ਕੇ ਉਸ ਦੇ ਅਸੂਲਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਤਰੀਕਾ ਮੁੱਢ ਤੋਂ ਹੀ ਨਾਲ ਲਿਖਿਆ ਚੱਲਿਆ ਆ ਰਿਹਾ ਹੈ ਤਾਂ ਇਸ ਦਾ ਅਰਥ ਹੈ ਕਿ ਮਨੁੱਖ ਜਿਹੜੀਆਂ ਕੁਦਰਤੀ ਹੱਦਾਂ ਲੈ ਕੇ ਇਸ ਧਰਤੀ ਤੇ ਆਇਆ ਹੈ ਤੇ ਚੱਲ ਰਿਹਾ ਹੈ ਉਹਨਾਂ ਹਾਲਾਤ ਵਿੱਚ ਉਹ ਕੁਦਰਤ ਦੇ ਨੇਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਦੂਜੇ ਸ਼ਬਦਾਂ ਵਿੱਚ ਉਸ ਦੀ ਹੋਣੀ ਉਸਦੇ ਮੁੱਢ, ਅਰਥਾਤ ਪੈਦਾਇਸ਼, ਨਾਲ ਜੁੜੀ ਹੋਈ ਹੈ ਜੋ ਮਨੁੱਖ ਨੂੰ ਸੀਮਤ ਜਿਹੀ ਸ਼ਕਤੀ ਹੀ ਦਿੰਦੀ ਹੈ। ਇਹ ਸਿਖਿਆ ਗੁਰਬਾਣੀ ਦੇ ਅਨੁਕੂਲ ਤਾਂ ਹੈ ਹੀ, ਅੱਜ ਦੀ ਵਿਗਿਆਨਕ ਸੋਚ ਦੇ ਵੀ ਪੂਰੀ ਤਰਾਂ ਅਨੁਕੂਲ ਹੈ।
ਸਿੱਖ ਧਰਮ ਕੋਈ ਰਸਮ-ਆਧਾਰਿਤ ਜਾਂ ਕਰਮਕਾਂਡ ਵਾਲਾ ਧਰਮ ਨਹੀਂ ਹੈ। ਪਰ ਫੇਰ ਵੀ ਕਈ ਸਿੱਖ ਵਿਦਵਾਨ ਤੇ ਪ੍ਰਚਾਰਕ ਸਿੱਖੀ ਦੀਆਂ ਰਹੁ ਰੀਤਾਂ ਨੂੰ ਸਾਬਤ ਕਰਨ ਲਈ ਇਤਿਹਾਸ ਵਿੱਚੋਂ ਵਕਤੀ ਤੇ ਰਸਮੀ ਘਟਨਾਵਾਂ ਦਾ ਸਹਾਰਾ ਲੈਂਦੇ ਹਨ। ਜਿਵੇਂ ਕਿ ਇਹ ਕਿਹਾ ਜਾਂਦਾ ਹੈ ਕਿ ਕੇਵਲ 10ਵੇਂ ਗੁਰੂ ਨੇ ਹੀ ਵਾਲ ਰੱਖਣ ਅਤੇ ਦਸਤਾਰ ਬੰਨ੍ਹਣ ਦਾ ਹੁਕਮ ਦਿੱਤਾ ਹੈ। ਦਰਅਸਲ, ਇੱਕ ਸਿੱਖ ਲਈ ਵਾਲ ਰੱਖਣੇ ਜਾਂ ਪੱਗ ਬੰਨ੍ਹਣੀ ਕੋਈ ਰਸਮ ਨਹੀਂ ਹੈ। ਪਹਿਲੇ ਗੁਰੂ ਦੀ ਬਾਣੀ ਦੀ ਪਹਿਲੀ ਪਓੜੀ ਦੀ ਆਖ਼ਰੀ ਸਤਰ ਦਾ ਅਰਥ ਹੀ ਕੁਦਰਤ ਦੇ ਹੁਕਮ ਅਨੁਸਾਰ ਜੀਵਣਾ ਹੈ। ਇਹ ਉਸਦੇ ਹੁਕਮ ਵਿੱਚ ਹੈ ਕਿ ਮਨੁੱਖ ਨੂੰ ਆਪਣੀ ਉਮਰ ਅਤੇ ਲਿੰਗ ਦੇ ਅਨੁਸਾਰ ਵਾਲ ਹਾਸਲ ਹੁੰਦੇ ਹਨ। ਇਕ ਸਿੱਖ ਨੂੰ ਇਸ ਹੁਕਮ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਹ ਪਹਿਲੇ ਗੁਰੂ ਦੀ ਪਹਿਲੀ ਸਿੱਖਿਆ ਹੈ। ਹਾਲਾਂਕਿ, ਇਹ ਸਿੱਖ ਉੱਤੇ ਨਿਰਭਰ ਕਰਦਾ ਹੈ ਕਿ ਉਹ ਗੁਰੂ ਨੂੰ ਕਿਵੇਂ ਅਤੇ ਕਿੰਨਾ ਕੁ ਖੁਸ਼ ਕਰਨਾ ਚਾਹੁੰਦਾ ਹੈ। ਦਸਤਾਰ ਬੰਨ੍ਹਣਾ ਇੱਕ ਸਮਾਜਕ ਅਤੇ ਸਭਿਆਚਾਰਕ ਜ਼ਰੂਰਤ ਹੈ ਜੋ ਕੁਦਰਤ ਦੇ ਨਿਯਮਾਂ ਦਾ ਹੀ ਨਤੀਜਾ ਹੈ। ਹੋ ਸਕਦਾ ਹੈ ਕਿ ਇਕ ਸਫਾਚੱਟ ਸੱਜਣ ਆਪਣੇ ਸਮਾਜਿਕ ਕਿਰਦਾਰ ਦੇ ਆਧਾਰ ਤੇ ਆਪਣੇ ਆਪ ਨੂੰ ਇੱਕ ਸਾਬਤ ਸੂਰਤ ਇਨਸਾਨ ਨਾਲੋਂ ਚੰਗਾ ਜਾਂ ਸਚਿਆਰਾ ਮਨੁੱਖ ਸਾਬਤ ਕਰ ਰਿਹਾ ਹੋਵੇ। ਹੋਰਨਾਂ ਗੁਣਾਂ ਦੇ ਆਧਾਰ ਤੇ ਉਸ ਦਾ ਦਾਅਵਾ ਠੀਕ ਵੀ ਹੋ ਸਕਦਾ ਹੈ। ਪਰ ਉਹ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਦਾ ਕਿਰਦਾਰ ਗੁਰੂ ਸਾਹਿਬ ਦੀ ਮੁੱਢਲੀ ਸਿੱਖਿਆ ਦੇ ਅਨੁਕੂਲ ਚੱਲਣ ਕਰਕੇ ਉੱਸਰਿਆ ਹੈ। ਅਜਿਹੇ ਹਾਲਾਤ ਵਿਚ ਅਜਿਹਾ ਕਿਰਦਾਰ ਇੱਕ ਬਨਾਉਟੀ ਸਿੱਖ ਵਾਲਾ ਲੱਗੇਗਾ। ਇਹ ਇਸੇ ਤਰ੍ਹਾਂ ਹੈ ਜਿਵੇਂ ਕੋਈ ਸੱਜਣ ਆਪਣੇ ਆਪ ਨੂੰ ਵਾਤਾਵਰਨ ਪ੍ਰੇਮੀ ਜਾਂ ਵਾਤਾਵਰਨ ਦਾ ਮਾਹਰ (Environmentalist) ਦੱਸਦਾ ਹੋਵੇ ਪਰ ਉਸ ਦਾ ਕਮਰਾ ਪਲਾਸਟਿਕ ਦੇ ਸਾਮਾਨ ਨਾਲ ਸੱਜਿਆ ਅਤੇ ਭਰਿਆ ਹੋਵੇ। ਇਸ ਦਾ ਅਰਥ ਹੈ ਕਿ ਉਹ ਆਪਣੇ ਆਪ ਨੂੰ ਕੁਦਰਤ ਦਾ ਪ੍ਰੇਮੀ ਹੋਣ ਦਾ ਝੂਠਾ ਦਾਅਵਾ ਕਰ ਰਿਹਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅੱਜ ਦੇ ਕੁਝ ਸਿਆਣੇ ਲੋਕ ਕੁਦਰਤ ਨਾਲ ਪਿਆਰ ਕਰਨ ਲਈ ਜਿਹੜੀ ਸਿੱਖਿਆ ਬਾਕੀ ਲੋਕਾਂ ਨੂੰ ਦੇ ਰਹੇ ਹਨ ਇਹ ਸਿੱਖਿਆ ਸਾਨੂੰ ਸਾਡੇ ਗੁਰੂ ਬਾਬਿਆਂ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਦੇ ਦਿੱਤੀ ਸੀ। ਅਸੀਂ ਉਸ ਸਿੱਖਿਆ ਦੇ ਕੁਦਰਤੀਪਣ ਨੂੰ ਮਹਿਸੂਸ ਨਾ ਕਰਦੇ ਹੋਏ ਉਸ ਨੂੰ ਰਸਮੀ ਗੱਲਾਂ ਨਾਲ ਜੋੜ ਕੇ ਛੁਟਿਆ ਰਹੇ ਹਾਂ। ਅਸੀਂ ਇਹ ਸਾਬਤ ਕਰਨ ਲਈ ਇਸ ਤਰ੍ਹਾਂ ਕਰਦੇ ਹਾਂ ਕਿ ਦੂਸਰੇ ਧਰਮਾਂ ਵਾਂਗ ਸਾਡਾ ਸਿੱਖ ਹੋਣਾ ਵੀ ਕੁਝ ਰਸਮੀ ਗੱਲਾਂ ਤੇ ਨਿਰਭਰ ਹੈ ਜਦਕਿ ਪਹਿਲੇ ਗੁਰੂ ਨੇ ਜਨੇਊ ਮਨ੍ਹਾ ਕਰਦਿਆਂ ਹੀ ਇਨ੍ਹਾਂ ਸਾਰੀਆਂ ਰਸਮੀ ਗੱਲਾਂ ਤੋਂ ਸਿੱਖਾਂ ਨੂੰ ਆਜ਼ਾਦ ਕਰ ਦਿੱਤਾ ਸੀ।
ਕੁਦਰਤੀ ਪ੍ਰਵਾਹ ਵਿਚ ਜਿਉਣ ਵਾਲੇ ਮਨੁੱਖ ਲਈ ਸੁੰਦਰਤਾ ਉਨ੍ਹਾਂ ਚੀਜ਼ਾਂ ਵਿਚ ਹੀ ਹੋ ਸਕਦੀ ਹੈ ਜੋ ਕੁਦਰਤੀ ਗੁਣਾਂ ਨਾਲ ਭਰਪੂਰ ਹੋਣ। ਇੱਕ ਰੁੱਖ ਦੇ ਪੱਤੇ ਤੇ ਟਾਹਣੀਆਂ ਕੱਟ ਕੇ ਉਹਨੂੰ ਕਿੰਨਾ ਵੀ ਮਨਮੋਹਕ ਰੂਪ ਦੇ ਦਿੱਤਾ ਜਾਵੇ ਉਹ ਕੁਦਰਤੀ ਤੌਰ ਤੇ ਸੁੰਦਰ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਇੱਕ ਸਫ਼ਾਚੱਟ ਇਨਸਾਨ ਆਪਣੀ ਸਾਫ਼ ਸੁਥਰੀ ਚਮੜੀ ਦੂਜਿਆਂ ਨਾਲੋਂ ਕੁਝ ਵੱਧ ਵਿਖਾ ਸਕਦਾ ਹੈ ਪਰ ਉਸ ਨੂੰ ਕੁਦਰਤੀ ਤੌਰ ਤੇ ਓਨਾ ਸੁੰਦਰ ਨਹੀਂ ਕਿਹਾ ਜਾ ਸਕਦਾ ਜਿੰਨਾ ਕਿ ਇਕ ਕੁਦਰਤੀ ਰਹਿਣੀ ਵਾਲੇ ਮਨੁੱਖ ਨੂੰ।
ਪਹਿਲੀ ਪਉੜੀ ਤੋਂ ਅੱਗੇ ਗੁਰਬਾਣੀ ਇਸ ਮੁੱਢਲੀ ਸਿੱਖਿਆ ਦਾ ਵਿਸਥਾਰ ਵੀ ਕਰਦੀ ਹੈ। ਮਿਸਾਲ ਦੇ ਤੌਰ ਤੇ ਇਸੇ ਬਾਣੀ ਦੀਆਂ ਅਗਲੀਆਂ ਪਉੜੀਆਂ ਵਿਚ 'ਹੁਕਮ' ਨੂੰ ਵਿਸਥਾਰ ਵਿੱਚ ਸਮਝਾਇਆ ਗਿਆ ਹੈ। ਹੋਰ ਵੀ ਅੱਗੇ ਜਾਂਦਿਆਂ ਅਕਾਲ ਪੁਰਖ ਦੇ ਸਰਬਵਿਆਪਕ ਤੇ ਬੇਅੰਤ ਹੋਣ ਦੇ ਬਾਰੇ ਵਿਚ ਸ਼ਬਦ ਹਨ ਜਿਵੇਂ, 'ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨਾ ਜਾਈ ਲਖਿਆ।।' (ਗਗਸ-੪੬੯)। ਪਰ ਗੁਰਬਾਣੀ ਕਿਤੇ ਵੀ ਇਸ ਮੁੱਢਲੀ ਸਿੱਖਿਆ ਦੇ ਵਿਰੁੱਧ ਨਹੀਂ ਜਾਂਦੀ। ਇਸ ਕਰਕੇ ਇੱਕ ਆਮ ਮਨੁੱਖ ਲਈ ਤੇ ਖ਼ਾਸ ਕਰਕੇ ਸਿੱਖਾਂ ਲਈ ਪਹਿਲੀ ਪਉੜੀ ਤੋਂ ਸਰਲ ਤੇ ਲਾਭਕਾਰੀ ਸਿੱਖਿਆ ਹੋਰ ਕੋਈ ਨਹੀਂ ਹੋ ਸਕਦੀ।